Wednesday, May 22, 2024

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 1 ਤੋਂ 21 ਜੂਨ ਤੱਕ ਦੇਸ਼ ਭਰ ਵਿੱਚ ਗੁਰਮਤਿ ਕੈਂਪ ਲਗਾਏ ਜਾਣਗੇ : ਜਸਪ੍ਰੀਤ ਸਿੰਘ ਕਰਮਸਰ


 22 ਅਤੇ 23 ਜੂਨ ਨੂੰ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਦਿੱਤੇ ਜਾਣਗੇ ਸਨਮਾਨ ਪੱਤਰ

ਕੈਂਪ ਵਿੱਚ 20 ਹਜ਼ਾਰ ਤੋਂ ਵੱਧ ਬੱਚਿਆਂ ਦੇ ਭਾਗ ਲੈਣ ਦੀ ਉਮੀਦ

ਨਵੀਂ ਦਿੱਲੀ, 21 ਮਈ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਵੱਲੋਂ ਬੱਚਿਆਂ ਨੂੰ ਪੰਜਾਬੀ ਅਤੇ ਇਤਿਹਾਸ ਦੀ ਸਿੱਖਿਆ ਦੇਣ ਲਈ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ। ਦੇਸ਼ ਭਰ ’ਚ 1 ਤੋਂ 21 ਜੂਨ ਤੱਕ ਗੁਰਮਤਿ ਕੈਂਪ ਲਗਾਏ ਜਾਣਗੇ ਅਤੇ 22-23 ਜੂਨ ਨੂੰ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦਿੱਲੀ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਗੁਰਮਤਿ ਕੈਂਪਾਂ ਦੀ ਸਫਲਤਾ ਤੋਂ ਬਾਅਦ ਪੂਰੇ ਦੇਸ਼ ਭਰ ਤੋਂ ਕੈਂਪ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਵੇਖਦਿਆਂ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਦਿੱਲੀ ਦੇ ਨਾਲ-ਨਾਲ ਹਰਿਆਣਾ, ਪੰਜਾਬ, ਆਗਰਾ, ਰਾਏਪੁਰ, ਬੰਗਾਲ, ਪਟਨਾ, ਲਖਨਊ ਅਤੇ ਹੋਰਨਾਂ ਥਾਵਾਂ ’ਤੇ ਕੈਂਪ ਲਗਾਏ ਜਾਣਗੇ। ਇਸ ਵਾਰ ਇਨ੍ਹਾਂ ਕੈਂਪਾ ਵਿੱਚ 20 ਹਜ਼ਾਰ ਤੋਂ ਵੱਧ ਬੱਚਿਆਂ ਦੇ ਭਾਗ ਲੈਣ ਦੀ ਉਮੀਦ ਹੈ। ਇਨ੍ਹਾਂ ਬੱਚਿਆਂ ਨੂੰ ਮਾਂ ਬੋਲੀ ਅਤੇ ਗੁਰੂ ਇਤਿਹਾਸ ਸੰਬੰਧੀ ਜਾਣਕਾਰੀ ਦੇਣ ਦੇ ਇੱਛੁਕ 600 ਤੋਂ ਵੱਧ ਅਧਿਆਪਕਾਂ ਦੀਆਂ ਅਰਜ਼ੀਆਂ ਧਰਮ ਪ੍ਰਚਾਰ ਵਿਭਾਗ ਕੋਲ ਪਹੁੰਚੀਆਂ ਹਨ।
ਸਰਦਾਰ ਕਰਮਸਰ ਨੇ ਦੱਸਿਆ ਕਿ ਕਮੇਟੀ ਵੱਲੋਂ ਬੱਚਿਆਂ ਲਈ ਕਿਤਾਬਾਂ ਅਤੇ ਹੋਰ ਸਟੇਸ਼ਨਰੀ ਵੀ ਤਿਆਰ ਕੀਤੀ ਗਈ ਹੈ, ਜੋ ਕਿ ਬੱਚਿਆਂ ਨੂੰ ਮਾਤਰ ਭਾਸ਼ਾ ਸਿੱਖਣ ਵਿਚ ਸਹਾਇਕ ਸਿੱਧ ਹੋਵੇਗੀ। ਉਨ੍ਹਾਂ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ।   

No comments:

Post a Comment

Note: Only a member of this blog may post a comment.