Friday, May 31, 2024

ਸਿੱਖ ਕੌਮ ਨੂੰ ਵੱਡੀ ਰਾਹਤ


 NEW DELHI/ AAJ KI DELHI/ YOGRAAJ SHARMA

ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਖਿਲਾਫ ਕਤਲ ਦੀ ਧਾਰਾ ਕੇਸ ’ਚ ਜੋੜਨ ਦਾ ਕੀਤਾ ਫੈਸਲਾ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

ਨਵੀਂ ਦਿੱਲੀ, 30 ਮਈ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੀਤੇ ਸਮੇਂ ਵਿਚ ਰੋਜ਼ ਅਵੈਨਿਊ ਕੋਰਟ ਵਿਚ ਸੁਣਵਾਈ ਦੌਰਾਨ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ 1984 ਦੇ ਕਤਲੇਆਮ ਦੇ ਮਾਮਲੇ ਵਿਚ ਧਾਰਾ 302 ਅਤੇ 325 ਖ਼ਤਮ ਕਰ ਦਿੱਤੀ ਸੀ। ਉਹਨਾਂ ਦੱਸਿਆ ਕਿ ਅਸੀਂ ਇਸ ਮਾਮਲੇ ਵਿਚ ਦਿੱਲੀ ਦੇ ਉਪ ਰਾਜਪਾਲ (ਐਲ ਜੀ) ਨੂੰ ਸਾਰੇ ਵੇਰਵੇ ਦੱਸ ਕੇ ਦੱਸਿਆ ਸੀ ਕਿ ਇਹ ਸਿੱਖ ਨਸਲਕੁਸ਼ੀ ਦਾ ਮਾਮਲਾ ਹੈ ਜਿਸ ਵਿਚ ਰੰਗਾਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮਗਰੋਂ ਥਾਣਾ ਵਿਕਾਸਪੁਰੀ ਵਿਚ 1992 ਵਿਚ ਐਫ ਆਈ ਆਰ ਨੰਬਰ 227/92 ਐਫ ਆਈ ਆਰ ਥਾਣਾ ਵਿਕਾਸਪੁਰੀ ਅਤੇ ਐਫ ਆਈ ਆਰ ਨੰਬਰ 264/92 ਥਾਣਾ ਵਿਕਾਸਪੁਰੀ ਵਿਚ ਕੇਸ ਦਰਜ ਹੋਏ ਸਨ। 
ਉਹਨਾਂ ਦੱਸਿਆ ਕਿ ਸੱਜਣ ਕੁਮਾਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਜਿਸ ਭੀੜ ਦੀ ਅਗਵਾਈ ਕਰ ਰਿਹਾ ਸੀ, ਉਸਨੇ ਸੋਹਣ ਸਿੰਘ ਤੇ ਅਵਤਾਰ ਸਿੰਘ ਨਾਂ ਦੇ ਦੋ ਸਿੱਖਾਂ ਦਾ ਕਤਲ ਕੀਤਾ ਸੀ। 
ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦਿੱਤੀ ਅਰਜ਼ੀ ਤੋਂ ਬਾਅਦ ਚਿੱਠੀ ਦਾ ਸੰਗਿਆਨ ਲੈਂਦਿਆਂ ਐਲ ਜੀ ਨੇ ਐਸ ਆਈ ਟੀ ਨੂੰ ਕਿਹਾ ਕਿ ਇਸਦੇ ਖਿਲਾਫ ਹਾਈ ਕੋਰਟ ਵਿਚ ਅਪੀਲ ਪਾਓ। ਉਹਨਾਂ ਦੱਸਿਆ ਕਿ ਅੱਜ ਜਦੋਂ ਹਾਈ ਕੋਰਟ ਵਿਚ ਬਹਿਸ ਹੋਈ ਤਾਂ ਮਾਣਯੋਗ ਜੱਜ ਨੇ ਮੰਨਿਆ ਕਿ ਇਸਨੂੰ ਬਰੀ ਕੀਤਾ ਜਾਣਾ ਗਲਤ ਹੈ ਤੇ ਸੱਜਣ ਕੁਮਾਰ ਦੇ ਖਿਲਾਫ 302 ਅਤੇ 325 ਧਾਰਾਵਾਂ ਐਡ ਹੋਈਆਂ ਹਨ। ਉਹਨਾਂ ਕਿਹਾ ਕਿ ਇਹ ਸਿੱਖ ਕੌਮ ਤੇ ਕਮੇਟੀ ਦੀ ਵੱਡੀ ਜਿੱਤ ਹੈ।
ਉਹਨਾਂ ਕਿਹਾ ਕਿ ਹੁਣ ਸੱਜਣ ਕੁਮਾਰ ਦਾ ਇਸ ਕੇਸ ਵਿਚ ਵੀ ਦੋਸ਼ੀ ਠਹਿਰਾਇਆ ਜਾਣਾ ਤੈਅ ਹੈ। ਉਹਨਾਂ ਮੁੜ ਦੁਹਰਾਇਆ ਕਿ ਦਿੱਲੀ ਗੁਰਦੁਆਰਾ ਕਮੇਟੀ 1984 ਦੇ ਸਿੱਖ ਕਤਲੇਆਮ ਦੇ ਸਾਰੇ ਕੇਸਾਂ ਵਿਚ ਪੀੜਤਾਂ ਨੂੰ ਨਿਆਂ ਲੈ ਕੇ ਦੇਣ ਵਾਸਤੇ ਵਚਨਬੱਧ ਹੈ।

No comments:

Post a Comment

Note: Only a member of this blog may post a comment.