Friday, May 10, 2024

ਮਨਜੀਤ ਸਿੰਘ ਜੀ.ਕੇ. ਝੂਠੇ, ਬੇਤੁਕੇ ਤੇ ਗੁੰਮਰਾਹ ਕੁੰਨ ਬਿਆਨ ਦੇਣ ਲਈ ਮੁਆਫੀ ਮੰਗਣ ਜਾਂ ਫਿਰ ਡੈਫਾਮੇਸ਼ਨ ਦੇ ਕੇਸ ਵਾਸਤੇ ਤਿਆਰ ਰਹਿਣ: ਜਗਦੀਪ ਸਿੰਘ ਕਾਹਲੋਂ


 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਆਗੂ ਮਨਜੀਤ ਸਿੰਘ ਜੀ.ਕੇ. ਨੂੰ ਕਿਹਾ ਹੈ ਕਿ ਉਹ ਗੁਰਦੁਆਰਾ ਡਾਂਗਮਾਰ ਸਾਹਿਬ ਮਾਮਲੇ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਦਿੱਤੇ ਝੂਠੇ, ਬੇਤੁਕੇ ਤੇ ਗੁੰਮਰਾਹਕੁੰਨ ਬਿਆਨ ਲਈ ਤੁਰੰਤ ਮੁਆਫੀ ਮੰਗਣ ਜਾਂ ਫਿਰ ਡੈਫਾਮੇਸ਼ਨ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਰਦਾਰ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਡਾਂਗਮਾਰ ਦੇ ਮਾਮਲੇ ਵਿਚ ਜੋ ਬਿਆਨਬਾਜ਼ੀ ਕੀਤੀ ਹੈ, ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਜਾਂ ਤਾਂ ਉਹਨਾਂ ਨੂੰ ਕੇਸ ਦੇ ਤੱਥਾਂ ਦੀ ਜਾਣਕਾਰੀ ਨਹੀਂ ਹੈ ਤੇ ਜਾਂ ਫਿਰ ਉਹ ਜਾਣ ਬੁਝ ਕੇ ਝੁਠ ਬੋਲ ਕੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਤੇ ਰਾਜਸੀ ਰੋਟੀਆਂ ਸੇਕ ਰਹੇ ਹਨ।
ਕੇਸ ਦੇ ਤੱਥ ਸਾਂਝੇ ਕਰਦਿਆਂ ਸਰਦਾਰ ਕਾਹਲੋਂ ਨੇ ਦੱਸਿਆ ਕਿ ਇਹ ਕੇਸ 2017 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਿਲੀਗੁੜੀ ਸਿੰਘ ਸਭਾ ਨੇ 2017 ਵਿਚ ਦਾਇਰ ਕੀਤਾ ਸੀ ਜੋ ਰਿਟ ਪਟੀਸ਼ਨ ਨੰਬਰ 49 ਆਫ 2017 ਸਿੱਕਮ ਹਾਈ ਕੋਰਟ ਵਿਚ ਦਾਇਰ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਹੋਣ ਦੇ ਨਾਅਤੇ ਕੇਸ ਵਿਚ ਪੇਸ਼ ਹੁੰਦੇ ਰਹੇ ਹਨ। ਨਾ ਤਾਂ ਦਿੱਲੀ ਗੁਰਦੁਆਰਾ ਕਮੇਟੀ ਨੇ ਕੇਸ ਦਾਇਰ ਕੀਤਾ ਸੀ ਤੇ ਨਾ ਇਸ ਵਿਚ ਪਾਰਟੀ ਸੀ। ਉਹਨਾਂ ਕਿਹਾ ਕਿ ਦੋ ਸਾਲਾਂ ਤੱਕ ਅਸੀਂ ਹਾਈ ਕੋਰਟ ਵਿਚ ਪੇਸ਼ ਹੁੰਦੇ ਰਹੇ ਹਾਂ।
ਇਸ ਮਗਰੋਂ ਤੁਹਾਡੇ ਆਕਾਵਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਪਾਸੇ ਕਰ ਦਿੱਤਾ। ਉਹਨਾਂ ਦੱਸਿਆ ਕਿ ਤੁਹਾਡੇ ਆਕਾ ਦੇ ਹੁਕਮਾਂ ’ਤੇ ਤਿੰਨ ਸਾਲ ਤੱਕ ਅਦਾਲਤ ਵੱਲੋਂ ਪਟੀਸ਼ਨ ਦੀ ਮੇਨਟੇਬਿਲਟੀ ਬਾਰੇ ਸਵਾਲ ਕੀਤੇ ਜਾਂਦੇ ਰਹੇ ਪਰ ਤੁਹਾਡੇ ਵਕੀਲ ਸਹੀ ਜਵਾਬ ਨਹੀਂ ਦੇ ਸਕੇ ਜਿਸ ਕਾਰਨ ਕੇਸ ਡਿਸਮਿਸ ਹੋ ਗਿਆ।
ਉਹਨਾਂ ਕਿਹਾ ਕਿ ਇਸ ਮਗਰੋਂ ਦਿੱਲੀ ਕਮੇਟੀ ਤੋਂ ਕਿਸੇ ਨੇ ਲੀਗਲ ਰਾਇ ਨਹੀਂ ਲਈ ਤੇ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਵਿਚ ਚਲੀ ਗਈ। ਉਹਨਾਂ ਕਿਹਾ ਕਿ ਜੇਕਰ ਸਾਡੇ ਤੋਂ ਰਾਇ ਲਈ ਹੁੰਦੀ ਤਾਂ ਅਸੀਂ ਕੋਈ ਚੰਗਾ ਵਕੀਲ ਕੇਸ ਵਾਸਤੇ ਪੇਸ਼ ਕਰਦੇ, ਪਰ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੱਡਾ ਵਕੀਲ ਪੇਸ਼ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਜਦੋਂ ਇੰਨਾ ਵੱਡਾ ਕੇਸ ਕੌਮ ਦਾ ਹੋਵੇ ਤੇ ਤੁਸੀਂ ਕਿਹੜੇ ਵਕੀਲ ਪੇਸ਼ ਕਰ ਰਹੇ ਹੋ, ਇਹ ਸੰਗਤਾਂ ਸਾਹਮਣੇ ਹੈ। ਇਸਦਾ ਨਤੀਜਾ ਇਹ ਹੋਇਆ ਕਿ ਮਾਣਯੋਗ ਜੱਜ ਨੇ ਕੁਝ ਹੀ ਸਮੇਂ ਵਿਚ ਕੇਸ ਡਿਸਮਿਸ ਕਰ ਦਿੱਤਾ।
ਸਰਦਾਰ ਕਾਹਲੋਂ ਨੇ ਕਿਹਾ ਕਿ ਇਹ ਕੇਸ ਦੇ ਅਸਲ ਤੱਥ ਹਨ ਪਰ ਸਰਦਾਰ ਮਨਜੀਤ ਸਿੰਘ ਜੀ. ਕੇ. ਤੱਥਾਂ ਦੇ ਬਾਵਜੂਦ ਦਿੱਲੀ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਦੇ ਯਤਨ ਕਰ ਰਹੇ ਹਨ।
ਉਹਨਾਂ ਕਿਹਾ ਕਿ ਜੇਕਰ ਹੁਣ ਸਰਦਾਰ ਮਨਜੀਤ ਸਿੰਘ ਜੀ.ਕੇ. ਨੂੰ ਸੰਗਤਾਂ ਕੋਲੋਂ ਉਹਨਾਂ ਨੂੰ ਗੁੰਮਰਾਹ ਕਰਨ ਅਤੇ ਝੂਠਾ ਬਿਆਨ ਦੇਣ ਲਈ ਮੁਆਫੀ ਨਾ ਮੰਗੀ ਤੇ ਸੰਗਤਾਂ ਕੋਲ ਖੁਦ ਨਾ ਕਬੂਲਿਆ ਕਿ ਉਹਨਾਂ ਝੂਠ ਬੋਲਿਆ ਸੀ ਤਾਂ ਫਿਰ ਉਹ ਡੈਫਾਮੇਸ਼ਨ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਉਹਨਾਂ ਕਿਹਾ ਕਿ ਅਸੀਂ ਕੌਮ ਦੇ ਵੱਡੇ ਮਸਲੇ ਹੱਲ ਕਰਨ ਵਾਸਤੇ ਹਮੇਸ਼ਾ ਸੰਜੀਦਾ ਰਹਿੰਦੇ ਹਾਂ ਕਦੇ ਵੀ ਤੁਹਾਡੇ ਵਾਂਗੂ ਛੋਟੀਆਂ ਹਰਕਤਾਂ ਨਹੀਂ ਕਰਦੇ। ਤੁਸੀਂ ਇਹ ਹਰਕਤਾਂ ਕਰਦੇ ਹੋ ਤਾਂ ਹੀ ਤੁਹਾਡਾ ਅੱਜ ਇਹ ਹਾਲ ਹੈ।
ਉਹਨਾਂ ਕਿਹਾ ਕਿ ਅਸੀਂ ਜਲਦੀ ਸਰਦਾਰ ਜੀ.ਕੇ. ਨੂੰ ਕਾਨੂੰਨੀ ਨੋਟਿਸ ਭੇਜਾਂਗੇ।

No comments:

Post a Comment

Note: Only a member of this blog may post a comment.