Tuesday, June 25, 2024

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗਰਮੀ ਦੀਆਂ ਛੁੱਟੀਆਂ ਵਿਚ ਲਗਾਏ ਗੁਰਮਤਿ ਕੈਂਪਾਂ ਵਿਚ 16 ਹਜ਼ਾਰ ਤੋਂ ਵੱਧ ਬੱਚਿਆਂ ਨੇ ਗੁਰਸਿੱਖੀ ਜੀਵਨ ਜਾਚ ਸਿੱਖਿਆ ਹਾਸਲ ਕੀਤੀ: ਕਾਲਕਾ, ਕਾਹਲੋਂ


 ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਦੇ ਅਣਥੱਕ ਯਤਨਾਂ ਨੂੰ ਬੂਰ ਪਿਆ


ਨਵੀਂ ਦਿੱਲੀ,: 
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਰਮੀ ਦੀਆਂ ਛੁੱਟੀਆਂ ਵਿਚ ਲਗਾਏ ਗਏ ਗੁਰਮਤਿ ਕੈਂਪਾਂ ਵਿਚ 16 ਹਜ਼ਾਰ ਤੋਂ ਵੱਧ ਬੱਚਿਆਂ ਨੇ ਗੁਰਸਿੱਖੀ ਜੀਵਨ ਜਾਚ ਸਿੱਖਿਆ ਹਾਸਲ ਕੀਤੀ ਹੈ ਤੇ ਇਸ ਮਾਮਲੇ ਵਿਚ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਵੱਲੋਂ ਕੀਤੇ ਅਣਥੱਕ ਯਤਨਾਂ ਨੂੰ ਬੂਰ ਪਿਆ ਹੈ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।
ਅੱਜ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਕੈਂਪ ਦੇ ਸਮਾਪਤੀ ਸਮਾਗਮ ਦੇ ਪਹਿਲੇ ਦਿਨ ਇਕੱਤਰ ਸੰਗਤ ਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਵੱਡਾ ਤੇ ਵਧੀਆ ਉਪਰਾਲਾ ਸਰਦਾਰ ਕਰਮਸਰ ਦੀ ਸੋਚ ਸਦਮਾ ਨੇਪਰੇ ਚੜ੍ਹਿਆ ਹੈ ਜਿਸ ਵਿਚ ਗਰਮੀ ਦੀਆਂ ਛੁੱਟੀਆਂ ਵਿਚ ਬੱਚੇ ਗੁਰਸਿੱਖੀ ਜੀਵਨ ਨਾਲ ਜੁੜੇ ਹਨ। ਉਹਨਾਂ ਕਿਹਾ ਕਿ ਜਿਥੇ ਬੱਚਿਆਂ ਨੇ ਗੁਰਸਿੱਖੀ ਜੀਵਨ ਜਾਚ ਸਿੱਖੀ ਹੈ, ਉਥੇ ਹੀ ਗੁਰਬਾਣੀ ਨਾਲ ਜੁੜਦਿਆਂ ਕੀਰਤਨ ਕਰਨ ਦੀ ਮੁਹਾਰਤ ਵੀ ਹਾਸਲ ਕੀਤੀ ਹੈ।
ਦੋਵਾਂ ਆਗੂਆਂ ਕਿਹਾ ਕਿ ਇਹ ਕੈਂਪ ਇਸ ਵਾਰ ਸਿਰਫ ਦਿੱਲੀ ਹੀ ਨਹੀਂ ਬਲਕਿ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਸਮੇਤ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਲੱਗੇ ਹਨ। ਉਹਨਾਂ ਕਿਹਾ ਕਿ ਇਹਨਾਂ ਕੈਂਪਾਂ ਵਿਚ ਬੱਚਿਆਂ ਦੀ ਸ਼ਮੂਲੀਅਤ ਲਈ ਉਹ ਬੱਚਿਆਂ ਤੇ ਉਹਨਾਂ ਦਾ ਪਰਿਵਾਰਾਂ ਦਾ ਧੰਨਵਾਦ ਕਰਦੇ ਹਨ।
ਉਹਨਾਂ ਕਿਹਾ ਕਿ ਇਸਦੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਤੇ ਸਮੁੱਚੀ ਟੀਮ ਵਧਾਈ ਦੇ ਪਾਤਰ ਹਨ ਜਿਹਨਾਂ ਦੇ ਯਤਨਾਂ ਸਦਕਾ 16 ਹਜ਼ਾਰ ਬੱਚਿਆਂ ਨੇ ਕੈਂਪਾਂ ਵਿਚ ਸ਼ਮੂਲੀਅਤ ਕੀਤੀ।
ਉਹਨਾਂ ਕਿਹਾ ਕਿ ਇਹਨਾਂ ਨੂੰ ਗੁਰਮਤਿ ਦੀ ਵਿਦਿਆ ਦੇਣੀ ਬਹੁਤ ਵੱਡਾ ਉਪਰਾਲਾ ਹੈ। ਗਰਮੀ ਦੀਆਂ ਛੁੱਟੀਆਂ ਵਿਚ ਜਿਵੇਂ ਬੱਚਿਆਂ ਨੇ ਇਹਨਾਂ ਕੈਂਪਾਂ ਵਿਚ ਸ਼ਮੂਲੀਅਤ ਕੀਤੀ ਹੈ, ਇਹ ਬਹੁਤ ਵੱਡੀ ਪ੍ਰਾਪਤੀ ਹੈ।
ਉਹਨਾਂ ਕਿਹਾ ਕਿ ਦਿੱਲੀ ਕਮੇਟੀ ਗੁਰਇਤਿਹਾਸ ਨਾਲ ਬੱਚਿਆਂ ਨੂੰ ਜੋੜਨ ਦਾ ਕੰਮ ਕਰਨ ਲਈ ਯਤਨਸ਼ੀਲ ਹੈ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਬੱਚੇ ਗੁਰਮਤਿ, ਗੁਰਬਾਣੀ, ਸਿੱਖ ਇਤਿਹਾਸ ਤੇ ਮਾਂ ਬੋਲੀ ਦੀ ਗੱਲ ਕਰਨ ਪਹੁੰਚੇ ਹਨ, ਤੁਹਾਨੂੰ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਉਹਨਾਂ ਕਿਹਾ ਕਿ  ਸਿੱਖੀ ਦੀਆਂ ਨੀਂਹਾਂ ਤਾਂ ਹੀ ਮਜ਼ਬੂਤ ਹੋ ਸਕਦੀਆਂ ਹਨ ਜਦੋਂ ਬੱਚੇ ਗੁਰਮਤਿ ਨਾਲ ਜੁੜਨ। ਉਹਨਾਂ ਕਿਹਾ ਕਿ ਤੁਸੀਂ ਜੋ ਕੈਂਪਾਂ ਵਿਚ ਸਿੱਖਿਆ, ਉਹ ਹਮੇਸ਼ਾ ਲਈ ਤੁਹਾਡੇ ਜੀਵਨ ਦਾ ਹਿੱਸਾ ਬਣ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਕੈਂਪਾਂ ਦੀ ਸਫਲਤਾ ਵਿਚ ਗੁਰੂ ਘਰ ਦੇ ਪ੍ਰਚਾਰਕਾਂ ਨੇ ਵੀ ਵੱਡਮੁੱਲਾ ਯੋਗਦਾਨ ਪਾਇਆ ਹੈ ਜਿਹਨਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ।
ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਦਿੱਲੀ ਗੁਰਦੁਆਰਾ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰੇਗੀ।

No comments:

Post a Comment

Note: Only a member of this blog may post a comment.