Saturday, June 22, 2024

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ 45 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ


 ਪਰਮਜੀਤ ਸਿੰਘ ਚੰਢੋਕ ਨੇ ਕੁਲਵਿੰਦਰ ਸਿੰਘ ਦੀ ਅਗਵਾਈ ’ਚ ਕੀਤਾ ਜੱਥਾ ਰਵਾਨਾ
ਨਵੀਂ ਦਿੱਲੀ, 21 ਜੂਨ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਲਈ 45 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ ਕੀਤਾ ਗਿਆ।
ਕਮੇਟੀ ਦੇ ਸਲਾਹਕਾਰ ਸਰਦਾਰ ਪਰਮਜੀਤ ਸਿੰਘ ਚੰਢੋਕ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਚੇਅਰਮੈਨ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਇਹ ਜੱਥਾ ਰਵਾਨਾ ਕੀਤਾ। ਇਸ ਮੌਕੇ ਟੀਮ ਦੇ ਡਿਪਟੀ ਲੀਡਰ ਸਰਦਾਰ ਇੰਦਰਪਾਲ ਸਿੰਘ ਵੀ ਜੱਥੇ ਵਿਚ ਰਵਾਨਾ ਹੋਏ ਹਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਚੰਢੋਕ ਨੇ ਕਿਹਾ ਕਿ ਹਰ ਸਾਲ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸ਼ਰਧਾਲੂਆਂ ਦਾ ਜੱਥਾ ਭੇਜਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਦਿੱਲੀ ਤੋਂ 54 ਸ਼ਰਧਾਲੂਆਂ ਨੇ ਵੀਜ਼ਾ ਅਪਲਾਈ ਕੀਤਾ ਸੀ ਜਿਸ ਵਿਚੋਂ 45 ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ ਹੈ।
ਉਹਨਾਂ ਦੱਸਿਆ ਕਿ ਇਹ ਜੱਥਾ 21 ਤਾਰੀਕ ਨੂੰ ਅਟਾਰੀ ਰਾਹੀਂ ਪਾਕਿਸਤਾਨ ਦਾਖਲ ਹੋਵੇਗਾ ਤੇ 30 ਜੂਨ ਨੂੰ ਜੱਥੇ ਦੀ ਵਾਪਸੀ ਹੋਵੇਗੀ।
ਉਹਨਾਂ ਦੱਸਿਆ ਕਿ ਅੱਜ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਆਉਣਾ ਸੀ ਪਰ ਅਚਨਚੇਤ ਕੋਈ ਜ਼ਰੂਰੀ ਮੀਟਿੰਗ ਆਉਣ ਕਾਰਨ ਨਹੀਂ ਆ ਸਕੇ।
ਇਸ ਮੌਕੇ ਸਰਦਾਰ ਕੁਲਵਿੰਦਰ ਸਿੰਘ ਨੇ ਕਿਹਾ ਇਹ ਲੋਕਾਂ ਦਾ ਭੁਲੇਖਾ ਹੈ ਕਿ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਤਾਂ ਹੋਰ ਦੇਸ਼ਾਂ ਦੇ ਵੀਜ਼ੇ ਨਹੀਂ ਲੱਗਣਗੇ। ਉਹਨਾਂ ਦੱਸਿਆ ਕਿ ਬਹੁਤ ਵੱਡੀ ਗਿਣਤੀ ਵਿਚ ਸੰਗਤ ਜੋ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰ ਕੇ ਆਈ ਹੈ, ਉਹ ਅਮਰੀਕਾ, ਕੈਨੇਡਾ ਤੇ ਹੋਰ ਦੇਸ਼ਾਂ ਵਿਚ ਵੀ ਗਈ ਹੈ। ਇਸ ਲਈ ਅਜਿਹੀ ਕੋਈ ਮੁਸ਼ਕਿਲ ਨਹੀਂ ਹੈ।

No comments:

Post a Comment

Note: Only a member of this blog may post a comment.