Tuesday, June 25, 2024

ਗੁਰਮਤਿ ਕੈਂਪਾਂ ਵਿਚ ਬੱਚਿਆਂ ਨੇ ਲਾਮਿਸਾਲ ਪਿਆਰ ਤੇ ਸਤਿਕਾਰ ਦਿੱਤਾ: ਜਸਪ੍ਰੀਤ ਸਿੰਘ ਕਰਮਸਰ


 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਕਮੇਟੀ ਵੱਲੋਂ ਲਗਾਏ ਗੁਰਮਤਿ ਕੈਂਪਾਂ ਦੀ ਅਪਾਰ ਸਫਲਤਾ ਦੀ ਸਮੁੱਚੀ ਸੰਗਤ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਹਨਾਂ ਕੈਂਪਾਂ ਵਿਚ ਬੱਚਿਆਂ ਵੱਲੋਂ ਲਾਮਿਸਾਲ ਪਿਆਰ ਤੇ ਸਤਿਕਾਰ ਦਿੱਤਾ ਹੈ।

ਇਥੇ ਗੱਲਬਾਤ ਕਰਦਿਆਂ ਸਰਦਾਰ ਕਰਮਸਰ ਨੇ ਦੱਸਿਆ ਕਿ ਕੈਂਪਾਂ ਦੀ ਸਮਾਪਤੀ ’ਤੇ ਬੱਚਿਆਂ ਨੇ ਬਹੁਤ ਸੁੰਦਰ ਗ੍ਰੀਟਿੰਗ ਕਾਰਡ ਬਣਾ ਕੇ ਆਪਣਾ ਪਿਆਰ ਤੇ ਸਤਿਕਾਰ ਸਾਂਝਾ ਕੀਤਾ ਹੈ। ਉਹਨਾਂ ਦੱਸਿਆ ਕਿ ਇਹਨਾਂ ਕਾਰਡਾਂ ’ਤੇ ’ਗੁਰਬਾਣੀ ਪੜ੍ਹੀਏ, ਗੁਰਬਾਣੀ ਵਿਚਾਰੀਏ, ਆਓ ਅਸੀਂ ਆਪਣੀ ਸਿੱਖੀ ਨੂੰ ਸੰਵਾਰੀਏ’, ’ਧੰਨਵਾਦ ਤੁਹਾਡਾ ਜਿਹੜਾ ਸਾਨੂੰ ਇਸ ਪਾਸੇ ਲਾਇਆ’, 
’ਮਾਂ ਬੋਲੀ ਪੰਜਾਬੀ ਸਾਡੀ, ਗੁੜ ਨਾਲੋਂ ਵੀ ਮਿੱਠੀ ਡਾਡੀ, ਇਸ ਵਿਚ ਮਾਂ ਨੇ ਲੋਰੀਆਂ ਗਾਈਆਂ, ਨਾਨੀ ਦਾਦੀ ਨੇ ਘੋੜੀਆਂ ਗਾਈਆਂ, ਅੰਮ੍ਰਿਤ ਵਰਗੀ ਸੁੱਚੀ ਹੈ, ਸਭਨਾਂ ਨਾਲੋਂ ਉੱਚੀ ਹੈ ਪੰਜਾਬੀ ਬਜ਼ੁਰਗਾਂ ਦੀ ਦੁਆ ਵਰਗੀ, ਪੰਜਾਬੀ ਨਿਰੀ ਖੁਦਾ ਵਰਗੀ’ ਆਦਿ ਨਾਅਰੇ ਲਿਖ ਕੇ ਵੀ ਦਿੱਲੀ ਗੁਰਦੁਆਰਾ ਕਮੇਟੀ ਦਾ ਧੰਨਵਾਦ ਕੀਤਾ ਹੈ।
ਉਹਨਾਂ ਦੱਸਿਆ ਕਿ ਕੁਝ ਬੱਚਿਆਂ ਨੇ ਪਿਆਰ ਤੇ ਸਤਿਕਾਰ ਵਜੋਂ ਚਾਕਲੇਟ ਤੇ ਟਾਫੀਆਂ ਵੀ ਗਿਫਟ ਪੈਕ ਬਣਾ ਕੇ ਦਿੱਤੀਆਂ ਹਨ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਹੈ।
ਉਹਨਾਂ ਕਿਹਾ ਕਿ ਇਹ ਗੁਰਮਤਿ ਕੈਂਪ ਲਗਾਉਣਾ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ ਗਲੀ-ਗਲੀ ਵਿਚ ਨਗਰ ਕੀਰਤਨ ਨਿਕਲਦੇ ਹਨ ਤੇ ਦੀਵਾਨ ਸਜਾਏ ਜਾਂਦੇ ਹਨ ਜਿਥੇ ਬੱਚੇ ਗੁਰਮਤਿ ਜੀਵਨ ਜਾਚ ਨਾਲ ਜੁੜਨਾ ਸਿੱਖਦੇ ਹਨ ਪਰ ਮੰਦੇਭਾਗਾਂ ਨੂੰ ਪੰਜਾਬ ਵਿਚ ਸਿੱਖੀ ਦਾ ਇਹ ਪ੍ਰਚਾਰ ਨਹੀਂ ਹੋ ਰਿਹਾ ਜਿਸ ਕਾਰਣ ਇਸਾਈ ਧਰਮ ਦਾ ਪ੍ਰਚਾਰ ਜ਼ਿਆਦਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਵੀ ਧਰਮ ਪ੍ਰਚਾਰ ਮੁਹਿੰਮ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ।
ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦਾ ਧੰਨਵਾਦ ਕਰਦਿਆਂ ਸਰਦਾਰ ਕਰਮਸਰ ਨੇ ਦੱਸਿਆ ਕਿ ਉਹਨਾਂ ਨੇ ਧਰਮ ਪ੍ਰਚਾਰ ਕਮੇਟੀ ਨੂੰ ਖੁੱਲ੍ਹੀ ਛੋਟ ਦਿੱਤੀ ਹੋਈ ਹੈ ਜਿਸ ਸਦਕਾ ਦਿੱਲੀ ਤੇ ਬਾਹਰਲੇ ਰਾਜਾਂ ਵਿਚ ਵੀ ਅਸੀਂ ਜੰਗੀ ਪੱਧਰ ’ਤੇ ਧਰਮ ਪ੍ਰਚਾਰ ਕਰਨ ਵਿਚ ਸਫਲ ਹੋ ਰਹੇ ਹਾਂ।
ਉਹਨਾਂ ਕਿਹਾ ਕਿ ਹੁਣ ਸਮਾਂ ਅਜਿਹਾ ਆ ਗਿਆ ਹੈ ਜਦੋਂ ਮਾਪਿਆਂ ਨੂੰ ਖੁਦ ਬੱਚਿਆਂ ਨੂੰ ਆਪਣੇ ਕੋਲ ਬਿਠਾ ਕੇ ਪੰਜਾਬੀ ਸਿਖਾਉਣੀ ਪਵੇਗੀ ਅਤੇ ਗੁਰਮਤਿ ਦਾ ਗਿਆਨ ਦੇਣਾ ਪਵੇਗਾ ਤੇ ਗੁਰਸਿੱਖੀ ਜੀਵਨ ਸਿਖਾਉਣਾ ਪਵੇਗਾ। ਉਹਨਾਂ ਕਿਹਾ ਕਿ ਅਸੀਂ ਦਿੱਲੀ ਕਮੇਟੀ ਵੱਲੋਂ ਪੁਰਜ਼ੋਰ ਯਤਨ ਕਰ ਕੇ ਬੱਚਿਆਂ ਨੂੰ ਗੁਰਮਤਿ ਜੀਵਨ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ ਅਤੇ ਭਵਿੱਖ ਵਿਚ ਵੀ ਕਰਦੇ ਰਹਾਂਗੇ। ਉਹਨਾਂ ਨੇ ਗੁਰਮਤਿ ਕੈਂਪਾਂ ਲਈ ਸਹਿਯੋਗ ਦੇਣ ਵਾਲੀ ਸਮੁੱਚੀ ਟੀਮ ਦਾ ਵੀ ਧੰਨਵਾਦ ਕੀਤਾ।
------

No comments:

Post a Comment

Note: Only a member of this blog may post a comment.