Tuesday, June 25, 2024

ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

 


ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਕੌਮ ਨੂੰ ਮੀਰੀ-ਪੀਰੀ ਦਾ ਸਿਧਾਂਤ ਦਿੱਤਾ: ਕਾਲਕਾ, ਕਾਹਲੋਂ


ਨਵੀਂ ਦਿੱਲੀ,:
 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਕਮੇਟੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਗੁਰਮਤਿ ਸਮਾਗਮ ਹੋਏ ਤੇ ਮੁੱਖ ਸਮਾਗਮ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਹੋਇਆ।
ਇਸ ਮੌਕੇ ਮਜਨੂੰ ਦਾ ਟਿੱਲਾ ਗੁਰਦੁਆਰਾ ਸਾਹਿਬ ਵਿਚ ਵਿਸ਼ਾਲ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਅਜਿਹਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਬਣਾਇਆ ਜਿਸਨੂੰ ਪੰਥ ਚਲਾਉਂਦਾ ਹੈ ਤੇ ਸਰਕਾਰਾਂ ਦੇ ਅਧੀਨ ਇਹ ਤਖਤ ਨਹੀਂ ਆਉਂਦਾ।ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਮੀਰੀ-ਪੀਰੀ ਦਾ ਸਿਧਾਂਤ ਸਾਨੂੰ ਦਿੱਤਾ। ਉਹਨਾਂ ਕਿਹਾ ਕਿ ਇਹ ਅਸਥਾਨ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਉਹਨਾਂ ਕਿਹਾ ਕਿ ਧਰਮ ਨੂੰ ਸਿਰਮੌਰ ਰੱਖ ਕੇ ਅਸੀਂ ਕਿਵੇਂ ਰਾਜਨੀਤੀ ਕਰਨੀ ਹੈ, ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਮਿਲਦੀ ਹੈ।
ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਸਿੱਖ ਕੌਮ ਵਿਚ ਬਹੁਤ ਨਿਘਾਰ ਦਾ ਸਮਾਂ ਚਲ ਰਿਹਾ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਖੁਦਮੁਖ਼ਤਿਆਰ ਰਿਹਾ ਹੈ ਪਰ ਅੱਜ ਸਿੱਖ ਪੰਥ ਦੇ ਵਿਰੋਧੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀਆਂ ਦਿੱਤੀਆਂ ਜਾਂਦੀਆਂ ਹਨ ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਉਹਨਾਂ ਕਿਹਾ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਖੁਦਮੁਖ਼ਤਿਆਰ ਕਰਨ ਲਈ ਇਕਜੁੱਟ ਹੋਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਇਸ ਵੇਲੇ ਸਿੱਖ ਕੌਮ ਨੂੰ ਵੱਡਾ ਸੰਕਟ ਦਰਪੇਸ਼ ਹੈ ਜਿਸਨੂੰ ਹੱਲ ਕਰਨ ਦੀ ਜ਼ਰੂਰਤ ਹੈ।
ਦਿੱਲੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਾਡੇ ਵੱਡੇ ਵਡੇਰਿਆਂ ਨੇ ਬਣਾਏ ਹਨ ਜਿਥੋਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਿਛਲੇ ਸਮੇਂ ਵਿਚ ਅਜਿਹੇ ਪ੍ਰਬੰਧਕ ਕਮੇਟੀ ’ਤੇ ਕਾਬਜ਼ ਰਹੇ ਜਿਹਨਾਂ ਨੇ ਆਪਣੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਨਜਾਇਜ਼ ਭਰਤੀ ਕੀਤੀ। ਉਹਨਾਂ ਕਿਹਾ ਕਿ ਹੁਣ ਮੌਜੂਦਾ ਕਮੇਟੀ ਨੇ ਸਕੂਲਾਂ ਦੇ ਸਟਾਫ ਦੇ ਪਿਛਲੇ ਬਕਾਇਆਂ ਦੇ 90 ਕਰੋੜ ਰੁਪਏ ਜਾਰੀ ਕੀਤੇ ਹਨ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਕੋਸ਼ਿਸ਼ ਕਰੋ ਕਿ ਆਪਣੇ ਬੱਚਿਆਂ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਦਾਖਲਾ ਦੁਆਓ ਤਾਂ ਜੋ ਕੌਮ ਦੀਆਂ ਇਹ ਸੰਸਥਾਵਾਂ ਤਾਕਤਵਰ ਬਣ ਕੇ ਉਭਰ ਸਕਣ।
ਉਹਨਾਂ ਕਿਹਾ ਕਿ ਸਾਡੇ ਤੋਂ ਪਹਿਲਾਂ ਦੇ ਪ੍ਰਬੰਧਕ ਦੋ-ਦੋ ਸੰਗਰਾਂਦਾ ਤੇ ਗੁਰਪੁਰਬ ਮਨਾਉਂਦੇ ਸੀ ਪਰ ਅਸੀਂ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਵਉੱਚ ਮੰਨਦਿਆਂ ਉਹਨਾਂ ਦੇ ਹੁਕਮ ਅਨੁਸਾਰ ਹੀ ਚੱਲਦੇ ਹਾਂ। ਉਹਨਾਂ ਨੇ ਜਥੇਦਾਰ ਸ੍ਰੀ ਅਕਾਲ ਤਖ ਸਾਹਿਬ ਨੂੰ ਵੀ ਅਪੀਲ ਕੀਤੀ ਕਿ ਜਿਹੜੇ ਸਿਧਾਂਤਾਂ ’ਤੇ ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸੀ, ਅਸੀਂ ਅੱਜ ਉਹਨਾਂ ਸਿਧਾਂਤਾਂ ’ਤੇ ਚੱਲ ਸਕੀਏ, ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਗਤੀ ਅਤੇ ਸ਼ਕਤੀ ਦੇ ਸਿਧਾਂਤ ਰਾਹੀਂ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਜਿਥੇ ਭਗਤੀ ਜ਼ਰੂਰੀ ਹੈ, ਉਥੇ ਹੀ ਜਿਥੇ ਬੇਇਨਸਾਫੀ ਹੋ ਰਹੀ ਹੋਵੇ ਤੇ ਮਨੁੱਖਤਾ ਦਾ ਘਾਣ ਹੋ ਰਿਹਾ ਹੋਵੇ, ਉਥੇ ਸਿੱਖ ਨੂੰ ਸ਼ਮਸ਼ੀਰ ਫੜਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ।
ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਗਵਾਲੀਅਰ ਦੇ ਕਿੱਲ੍ਹੇ ਵਿਚ ਵੀ ਬੰਦ ਰਾਜਿਆਂ ਦਾ ਭਲਾ ਕੀਤਾ ਤੇ ਉਥੇ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਉਹਨਾਂ ਕਿਹਾ ਕਿ ਜਦੋਂ ਜਹਾਂਗੀਰ ਬਿਮਾਰ ਹੋ ਗਿਆ ਤੇ ਸਮਝ ਗਿਆ ਕਿ ਉਸਨੇ ਰੱਬ ਦੇ ਰੂਪ ਨੂੰ ਕਿਲ੍ਹੇ ਵਿਚ ਕੈਦ ਰੱਖਿਆ ਹੈ ਤਾਂ ਉਸ ਵੇਲੇ ਵੀ ਗੁਰੂ ਸਾਹਿਬ ਨੇ ਰਾਜਿਆਂ ’ਤੇ ਪਰਉਪਕਾਰ ਕੀਤਾ ਤੇ ਸਾਰਿਆਂ ਨੂੰ 52 ਕਲੀਆਂ ਦਾ ਚੋਲਾ ਪਾ ਕੇ ਰਿਹਾਅ ਕਰਵਾਇਆ।
ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਗੁਰੂ ਸਾਹਿਬ ਦੇ ਦਰਸਾਏ ਰਾਹ ’ਤੇ ਚੱਲੀਏ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਵੱਧ ਤੋਂ ਵੱਧ ਗੁਰੂ ਵਾਲੇ ਬਣਨ ਦੀ ਜ਼ਰੂਰਤ ਹੈ, ਅੰਮ੍ਰਿਤ ਛਕਣ ਦੀ ਜ਼ਰੂਰਤ ਹੈ, ਨਿਤਨੇਮ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤੇ ਗੁਰਬਾਣੀ ਸੁਣਦੇ ਹਾਂ, ਸਾਨੂੰ ਉਸ ਗੁਰਬਾਣੀ ਦੇ ਅਨੁਸਾਰ ਗੁਰਸਿੱਖ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਸੀਂ ਜਦੋਂ ਸਿੱਖ ਕੌਮ ਵਿਚ ਜਨਮ ਲਿਆ ਹੈ ਤੇ ਗੁਰਸਿੱਖੀ ਸਰੂਪ ਧਾਰਨ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਤੇ ਸਾਨੂੰ ਬਾਣੀ ਤੇ ਬਾਣੇ ਦਾ ਰੂਪ ਧਾਰਨ ਕਰਨਾ ਚਾਹੀਦਾ ਹੈ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਧਰਮ ਪ੍ਰਚਾਰ ਦੇ ਮਾਮਲੇ ਵਿਚ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ ਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਦੀ ਅਗਵਾਈ ਹੇਠ ਬੱਚਿਆਂ ਲਈ ਗੁਰਮਤਿ ਕੈਂਪ ਲਗਾਏ ਗਏ ਹਨ। ਉਹਨਾਂ ਕਿਹਾ ਕਿ ਅਸੀਂ ਬੱਚਿਆਂ ਨੂੰ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦੇਣ ਵਿਚ ਸਫਲ ਰਹੇ ਹਾਂ। ਇਸ ਸਾਲ ਅਸੀਂ ਦਿੱਲੀ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਵਿਚ ਵੀ ਅਜਿਹੇ ਕੈਂਪ ਲਗਾਏ ਹਨ ਜਿਹਨਾਂ ਵਿਚ ਬੱਚਿਆਂ ਨੂੰ ਗੁਰਸਿੱਖੀ ਜੀਵਨ ਨਾਲ ਜੋੜਨ ਵਿਚ ਸਫਲ ਰਹੇ ਹਾਂ।

No comments:

Post a Comment

Note: Only a member of this blog may post a comment.