Thursday, June 20, 2024

ਸ਼੍ਰੋਮਣੀ ਅਕਾਲੀ ਦਲ ’ਚ ਨਿਘਾਰ ਚਿੰਤਾ ਦਾ ਵਿਸ਼ਾ, ਬਾਦਲਾਂ ਨੂੰ ਛੱਡ ਕੇ ਬਾਕੀ ਆਗੂ ਪਾਰਟੀ ਦੀ ਸ਼ਾਨ ਬਹਾਲੀ ਲਈ ਹੰਭਲਾ ਮਾਰਨ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

 


ਖਦਸ਼ਾ ਪ੍ਰਗਟਾਇਆ ਕਿ ਸਰਨਾ ਪਾਰਟੀ ਦਾ ਕਾਂਗਰਸ ਨਾਲ ਗਠਜੋੜ ਕਰਵਾਉਣਾ ਚਾਹੁੰਦੇ ਹਨ

ਸਰਨਾ ਨੂੰ ਆਖਿਆ ਕਿ ਉਹ ਦੱਸਣ ਕਿ ਵੋਟ ਕਿਸਨੂੰ ਪਾਈ ਹੈ

ਨਵੀਂ ਦਿੱਲੀ,: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਿਘਾਰ ਬਹੁਤ ਚਿੰਤਾ ਦਾ ਵਿਸ਼ਾ ਹੈ ਤੇ ਬਾਦਲਾਂ ਨੂੰ ਛੱਡ ਕੇ ਪਾਰਟੀ ਦੀ ਬਾਕੀ ਸੀਨੀਅਰ ਲੀਡਰਸ਼ਿਪ ਨੂੰ ਪਾਰਟੀ ਦੀ ਸ਼ਾਨ ਬਹਾਲੀ ਵਾਸਤੇ ਫੌਰੀ ਕਦਮ ਚੁੱਕਣਾ ਚਾਹੀਦਾ ਹੈ। ਦੋਵਾਂ ਆਗੂਆਂ ਨੇ ਇਹ ਵੀ ਖਦਸ਼ਾ ਪ੍ਰਗਟ ਕੀਤਾ ਕਿ ਪਾਰਟੀ ਦੇ ਦਿੱਲੀ ਦੇ ਆਗੂ ਪਰਮਜੀਤ ਸਿੰਘ ਸਰਨਾ ਅਕਾਲੀ ਦਲ ਦਾ ਕਾਂਗਰਸ ਨਾਲ ਗਠਜੋੜ ਕਰਵਾਉਣਾ ਚਾਹੁੰਦੇ ਹਨ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਾਰਾਂ ਵਿਚੋਂ ਸਿਰਫ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਉਹਨਾਂ ਕਿਹਾ ਕਿ ਇੰਨੇ ਗੰਭੀਰ ਹਾਲਾਤ ਹੋਣ ਦੇ ਬਾਵਜੂਦ ਵੀ ਪਾਰਟੀ ਦੀ ਲੀਡਰਸ਼ਿਪ ਇਸ ’ਤੇ ਚਿੰਤਨ ਤੇ ਮੰਥਨ ਕਰਨ ਵਾਸਤੇ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਇਹ 104 ਸਾਲ ਪੁਰਾਣੀ ਪਾਰਟੀ ਹੈ ਜੋ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇਕੇ, ਜੇਲ੍ਹਾਂ ਕੱਟ ਕੇ ਤੇ ਅਨੇਕਾਂ ਸੰਘਰਸ਼ ਕਰ ਕੇ ਖੜ੍ਹੀ ਕੀਤੀ ਹੈ। ਉਹਨਾਂ ਕਿਹਾ ਕਿ ਇਸ ਪਾਰਟੀ ਦਾ ਮਜ਼ਬੂਤ ਹੋਣਾ ਸਿਰਫ ਪੰਜਾਬ ਹੀ ਨਹੀਂ ਬਲਕਿ ਦੁਨੀਆਂ ਭਰ ਵਿਚ ਬੈਠੇ ਸਿੱਖਾਂ ਤੇ ਪੰਜਾਬੀਆਂ ਵਾਸਤੇ ਬਹੁਤ ਜ਼ਰੂਰੀ ਹੈ ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਮੌਜੂਦਾ ਲੀਡਰਸ਼ਿਪ ਨੂੰ ਇਸ ਵਿਚ ਨਿਰੰਤਰ ਹੋਏ ਨਿਘਾਰ ਦੀ ਕੋਈ ਚਿੰਤਾ ਨਹੀਂ ਹੈ ਤੇ ਅੱਜ ਪੰਜਾਬ ਵਿਚ ਕੋਈ ਵੀ ਅਕਾਲੀ ਦਲ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈ।

ਉਹਨਾਂ ਨੇ ਅਕਾਲੀ ਆਗੂਆਂ ਸੁਖਦੇਵ ਸਿੰਘ ਢੀਂਡਸਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਸਮੇਤ ਹੋਰ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਸਿਰਫ ਬਾਦਲ ਪਰਿਵਾਰ ਨੂੰ ਛੱਡ ਕੇ ਬਾਕੀ ਅਕਾਲੀ ਆਗੂਆਂ ਨੂੰ ਮਿਲ ਬੈਠ ਕੇ ਇਸ ’ਤੇ ਚਰਚਾ ਕਰਨੀ ਚਾਹੀਦੀ ਹੈ ਕਿ ਪਾਰਟੀ ਨੂੰ ਮੁੜ ਪੈਰਾਂ ਸਿਰ ਕਿਵੇਂ ਖੜ੍ਹਾ ਕੀਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਅਤੇ ਪੰਥ ਦੀ ਬੇਹਤਰੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ।

ਮੀਡੀਆ ਦੇ ਸਵਾਲ ਦੇ ਜਵਾਬ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਸੀਨੀਅਰ ਅਕਾਲੀ ਆਗੂ ਸਰਦਾਰ ਚਰਨਜੀਤ ਸਿੰਘ ਬਰਾੜ ਦੀ ਸ਼ਲਾਘਾ ਕੀਤੀ ਜਿਹਨਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਪਾਰਟੀ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ ਵੀ ਪਾਰਟੀ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਵਾਲੇ ਕੁਲਦੀਪ ਭੋਗਲ, ਗੁਰਦੇਵ ਸਿੰਘ ਭੋਲਾ, ਤੇਜਵੰਤ ਸਿੰਘ ਅਤੇ ਰਵਿੰਦਰ ਸਿੰਘ ਖੁਰਾਣਾ ਜੋ ਸਭ ਤੋਂ ਪੁਰਾਣੇ ਅਕਾਲੀ ਆਗੂ ਹਨ, ਨੂੰ ਇਸ ਕਰ ਕੇ ਪਾਰਟੀ ਵਿਚੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਹੈ ਕਿਉਂਕਿ ਉਹਨਾਂ ਨੇ ਸਰਦਾਰ ਪਰਮਜੀਤ ਸਿੰਘ ਸਰਨਾ ਵੱਲੋਂ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨਾਲ ਮੀਟਿੰਗਾਂ ਕਰਨ ’ਤੇ ਇਤਰਾਜ਼ ਜ਼ਾਹਰ ਕੀਤਾ ਸੀ। ਉਹਨਾਂ ਨੇ ਇਹ ਵੀ ਖਦਸ਼ਾ ਪ੍ਰਗਟਾਇਆ ਕਿ ਜਿਸ ਤਰੀਕੇ ਦੇ ਬਿਆਨ ਅਕਾਲੀ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਦੇ ਰਹੇ ਹਨ, ਉਸ ਤੋਂ ਅਜਿਹਾ ਜਾਪਦਾ ਹੈ ਕਿ ਸਰਨਾ ਹੁਣ ਅਕਾਲੀ ਦਲ ਦਾ ਗਠਜੋੜ ਕਾਂਗਰਸ ਨਾਲ ਕਰਵਾਉਣਾ ਚਾਹੁੰਦੇ ਹਨ।

ਪਰਮਜੀਤ ਸਿੰਘ ਸਰਨਾ ’ਤੇ ਵਰ੍ਹਦਿਆਂ ਉਹਨਾਂ ਨੇ ਸਰਨਾ ਨੂੰ ਆਖਿਆ ਕਿ ਉਹ ਜਨਤਕ ਤੌਰ ’ਤੇ ਦੱਸਣ ਕਿ ਉਹਨਾਂ ਨੇ ਵੋਟ ਕਿਸਨੂੰ ਪਾਈ ਹੈ ਕਿਉਂਕਿ ਇਸ ਵਾਰ ਦਿੱਲੀ ਵਿਚ ਇਕ ਪਾਸੇ ਕਾਂਗਰਸ ਤੇ ਉਸਦੀ ਸਹਿਯੋਗੀ ਆਪ ਸੀ ਤੇ ਦੂਜੇ ਪਾਸੇ ਭਾਜਪਾ ਸੀ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੀ ਕਾਂਗਰਸ ਨੂੰ ਉਹਨਾਂ ਵੋਟ ਪਾਈ ਹੈ ਜਾਂ ਫਿਰ ਜਿਸ ਪਾਰਟੀ ਭਾਜਪਾ ਨੂੰ ਸਾਰਾ ਦਿਨ ਮੰਦਾ ਬੋਲਦੇ ਹਨ, ਉਸਨੂੰ ਵੋਟ ਪਾਈ ਹੈ, ਉਹ ਇਸ ਸਵਾਲ ਦਾ ਜਵਾਬ ਜ਼ਰੂਰ ਦੇਣ।

------

No comments:

Post a Comment

Note: Only a member of this blog may post a comment.