Saturday, July 20, 2024

ਦਿੱਲੀ ਗੁਰਦੁਆਰਾ ਕਮੇਟੀ ਨੇ 1984 ਕਤਲੇਆਮ ਦੇ 437 ਪਰਿਵਾਰਾਂ ਦੇ ਨੌਕਰੀਆਂ ਲਈ ਫਾਰਮ ਭਰਨ ਵਾਸਤੇ ਲਾਇਆ ਵਿਸ਼ੇਸ਼ ਕੈਂਪ

 


1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਦਿੱਲੀ ਕਮੇਟੀ ਦੀ ਪਹਿਲ : ਜਗਦੀਪ ਸਿੰਘ ਕਾਹਲੋਂ 


ਨਵੀਂ ਦਿੱਲੀ, 19 ਜੁਲਾਈ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਉਹਨਾਂ 437 ਪਰਿਵਾਰਾਂ ਸਰਕਾਰੀ ਨੌਕਰੀਆਂ ਲੈਣ ਲਈ ਫਾਰਮ ਭਰਵਾਉਣ ਵਾਸਤੇ ਵਿਸ਼ੇਸ਼ ਕੈਂਪ ਲਗਾਇਆ ਜੋ 1984 ਕਤਲੇਆਮ ਦੇ ਪੀੜਤ ਪਰਿਵਾਰ ਹਨ ਅਤੇ ਜਿਹਨਾਂ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਪ੍ਰਵਾਨਗੀ ਪਿਛਲੇ ਦਿਨੀਂ ਉਪ ਰਾਜਪਾਲ ਨੇ ਦਿੱਤੀ ਸੀ।
ਦਿੱਲੀ ਕਮੇਟੀ ਦੇ ਦਫਤਰ ਵਿਚ ਲੱਗੇ ਇਸ ਕੈਂਪ ਵਿਚ ਪੀੜਤ ਪਰਿਵਾਰਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਇਲਾਕੇ ਦੇ ਐਸ ਡੀ ਐਮ ਦਫਤਰ ਵਿਚ ਇਹ ਫਾਰਮ ਜਮ੍ਹਾਂ ਕਰਵਾਏ ਜਾਣਗੇ ਤੇ ਨਿਯੁਕਤੀ ਪੱਤਰ ਵੀ ਐਸ ਡੀ ਐਮ ਦਫਤਰ ਤੋਂ ਹੀ ਜਾਰੀ ਹੋਣਗੇ।
ਇਸ ਕੈਂਪ ਵਿਚ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਦੇ ਕਾਤਲਾਂ ਨੂੰ ਜੇਲ੍ਹ ਭੇਜਣ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸਮੇਂ-ਸਮੇਂ 'ਤੇ ਹਰ ਸੰਭਵ ਯਤਨ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਉਹ ਖੁਦ ਅਦਾਲਤ ਵਿੱਚ ਜਾ ਕੇ ਪੀੜਤ ਪਰਿਵਾਰਾਂ ਦੀ ਵਕਾਲਤ ਕਰ ਰਹੇ ਹਨ। ਇਸੇ ਦਾ ਨਤੀਜਾ ਹੈ ਕਿ ਅੱਜ ਸਰਕਾਰ ਨੇ 437 ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀਆਂ ਦੇਣ ਲਈ ਸਾਰੇ ਜ਼ਿਲ੍ਹਿਆਂ ਦੇ ਐਸਡੀਐਮਜ਼ ਨੂੰ ਕਾਗਜ਼ਾਂ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ ਹਨ।
ਉਹਨਾਂ ਦੱਸਿਆ ਕਿ ਅੱਜ ਦੇ ਕੈਂਪ ਵਿਚ ਪੀੜਤ ਪਰਿਵਾਰਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਐਸ.ਡੀ.ਦਫ਼ਤਰ ਵਿੱਚ ਜਾ ਕੇ ਆਪਣੇ ਦਸਤਾਵੇਜ਼ ਕਿਵੇਂ ਜਮ੍ਹਾਂ ਕਰਵਾਉਣੇ ਹਨ। ਉਹਨਾਂ ਇਹ ਵੀ ਕਿਹਾ ਕਿ ਲੋੜ ਪੈਣ ’ਤੇ ਸਾਰੇ ਐਸ.ਡੀ. ਐਮ ਦਫਤਆਂ ਵਿੱਚ ਵੀ ਸਮੇਂ-ਸਮੇਂ 'ਤੇ ਅਜਿਹੇ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਕਮੇਟੀ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਵੱਲੋਂ ਪੀੜਤ ਪਰਿਵਾਰਾਂ ਲਈ ਨੌਕਰੀਆਂ ਲੈ ਕੇ ਦੇਣ ਵਾਸਤੇ ਯਤਨਾਂ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਉਨ੍ਹਾਂ ਵੱਲੋਂ ਇਸ ਮੁਹਿੰਮ ਨੂੰ ਅੱਗੇ ਤੋਰਿਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਅੱਜ ਸੱਜਣ ਕੁਮਾਰ ਵਰਗੇ ਵੱਡੇ ਮਗਰਮੱਛ ਹਨ, ਜਿਨ੍ਹਾਂ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ, ਉਹ ਹੁਣ ਸਲਾਖਾਂ ਪਿੱਛੇ ਹਨ, ਸਗੋਂ ਉਨ੍ਹਾਂ ਦੇ ਬਾਹਰ ਆਉਣ ਦੇ ਸਾਰੇ ਰਸਤੇ ਬੰਦ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾਂਦੀ ਹੈ।
ਸ: ਜਗਦੀਪ ਸਿੰਘ ਕਾਹਲੋ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਜਿਸ ਨੇ ਕਾਤਲਾਂ ਨੂੰ ਸਲਾਖਾਂ ਪਿੱਛੇ ਭੇਜਣ ਦੀ ਪਹਿਲਕਦਮੀ ਕੀਤੀ ਅਤੇ ਪੀੜਤ ਪਰਿਵਾਰਾਂ ਨੂੰ ਸਮੇਂ-ਸਮੇਂ 'ਤੇ ਮਦਦ ਵੀ ਦਿੱਤੀ।
ਉਹਨਾਂ ਕਿਹਾ ਕਿ ਹੁਣ ਸਰਕਾਰ ਨੇ 437 ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ ਜਿਸ ਲਈ ਸਰਕਾਰ ਵਧਾਈ ਦੀ ਹੱਕਦਾਰ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਦੀ ਤਰਫੋਂ ਸਰਦਾਰ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਅਤੇ ਮੈਂਬਰ ਸਰਦਾਰ ਰਮਿੰਦਰ ਸਿੰਘ ਸਵੀਟਾ ਅਤੇ ਉਨ੍ਹਾਂ ਦੀ ਟੀਮ ਪੀੜਤ ਪਰਿਵਾਰਾਂ ਨਾਲ ਰਾਬਤਾ ਬਣਾ ਕੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਪ੍ਰਦਾਨ ਕਰ ਰਹੀ ਹੈ।
ਇਸ ਮੌਕੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਮੈਂਬਰ ਰਮਿੰਦਰ ਸਿੰਘ ਸਵੀਟਾ, ਗੁਰਮੀਤ ਸਿੰਘ ਭਾਟੀਆ ਅਤੇ ਸੁਰਜੀਤ ਸਿੰਘ ਵੀ ਹਾਜ਼ਰ ਸਨ।

No comments:

Post a Comment

Note: Only a member of this blog may post a comment.