Thursday, July 18, 2024

ਯੂ.ਪੀ. ਦੇ ਅਲੀਗੜ੍ਹ ਵਿੱਚ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਪਹਿਲੀ ਵਾਰ ਲਗਾਇਆ ਗਿਆ ਗੁਰਮਤ ਕੈਂਪ


 ਜਗਦੀਪ ਸਿੰਘ ਕਾਹਲੋ ਨੇ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਹੌਸਲਾ ਵਧਾਇਆ ਅਤੇ ਸਨਮਾਨਿਤ ਕੀਤਾ


ਗੁਰੂ ਸਾਹਿਬਾਨਾਂ ਵੱਲੋਂ ਦਿਖਾਏ ਰਾਹ 'ਤੇ ਤੁਰਦਿਆਂ ਗੁਰਸਿੱਖੀ ਜੀਵਨ ਦੀ ਦੇਖਭਾਲ ਜਰੂਰੀ: ਜਗਦੀਪ ਸਿੰਘ ਕਾਹਲੋਂ

ਨਵੀਂ ਦਿੱਲੀ, 16 ਜੁਲਾਈ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂ.ਪੀ. ਦੇ ਅਲੀਗੜ੍ਹ ਵਿੱਚ ਪਹਿਲੀ ਵਾਰ ਗੁਰਮਤ ਕੈਂਪ ਲਗਾਇਆ ਗਿਆ ਸੀ ਜਿਸਦਾ ਅੱਜ ਸਮਾਪਨ ਹੋਇਆ।
ਕਮੇਟੀ ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਬੱਚਿਆਂ ਦਾ ਹੌਸਲਾ ਵਧਾਉਣ ਅਤੇ ਸਨਮਾਨਿਤ ਕਰਨ ਲਈ ਖ਼ਾਸ ਤੌਰ 'ਤੇ ਪਹੁੰਚੇ।

ਸ. ਕਾਹਲੋ ਨੇ ਇਸ ਮੌਕੇ 'ਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨਾਂ ਵੱਲੋਂ ਦਿਖਾਏ ਰਾਹ 'ਤੇ ਤੁਰਦਿਆਂ ਗੁਰਸਿੱਖੀ ਜੀਵਨ ਦੀ ਦੇਖਭਾਲ ਸਾਡੇ ਲਈ ਬਹੁਤ ਜਰੂਰੀ ਹੈ ਅਤੇ ਇਸਦੇ ਇੱਕ ਮਹੱਤਵਪੂਰਨ ਕੜੀ ਵਜੋਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਜੀਵਨ ਸਿਖਾਉਣਾ ਬਹੁਤ ਜਰੂਰੀ ਹੈ।
ਸ. ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਦੀਆਂ ਸ਼ਹਾਦਤਾਂ ਅਤੇ ਭਾਈ ਤਾਰੂ ਸਿੰਘ ਅਤੇ ਭਾਈ ਮਣੀ ਸਿੰਘ ਵਰਗੇ ਸ਼ਹੀਦਾਂ ਦੀਆਂ ਸ਼ਹਾਦਤਾਂ ਸਾਨੂੰ ਦੱਸਦੀਆਂ ਹਨ ਕਿ ਗੁਰਮੁਖੀ ਜੀਵਨ ਸਾਡੇ ਲਈ ਕਿੰਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਲਈ ਬਹੁਤ ਜਰੂਰੀ ਹੈ ਕਿ ਅਸੀਂ ਬੱਚਿਆਂ ਨੂੰ ਗੁਰਸਿੱਖੀ ਜੀਵਨ ਨਾਲ ਜੋੜੀਏ।

ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਤਿੰਨ ਸਾਲ ਪਹਿਲਾਂ ਗਰਮੀ ਦੀਆਂ ਛੁੱਟੀਆਂ ਵਿੱਚ ਗੁਰਮਤਿ ਕੈਂਪ ਲਗਾਉਣੇ ਸ਼ੁਰੂ ਕੀਤੇ ਸਨ। ਪਹਿਲੇ ਸਾਲ ਕੈਂਪਾਂ ਵਿੱਚ 3 ਤੋਂ 4 ਹਜ਼ਾਰ ਬੱਚਿਆਂ ਨੇ ਭਾਗ ਲਿਆ, ਅਗਲੇ ਸਾਲ 14 ਹਜ਼ਾਰ ਬੱਚਿਆਂ ਨੇ ਭਾਗ ਲਿਆ ਅਤੇ ਇਸ ਸਾਲ 16 ਹਜ਼ਾਰ ਬੱਚਿਆਂ ਨੇ ਕੈਂਪਾਂ ਵਿੱਚ ਭਾਗ ਲਿਆ। ਉਨ੍ਹਾਂ ਦੱਸਿਆ ਕਿ ਸਿਰਫ ਦਿੱਲੀ ਹੀ ਨਹੀਂ ਬਲਕਿ ਇਸ ਸਾਲ ਰਾਜਸਥਾਨ, ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ ਅਤੇ ਹਰਿਆਣਾ ਤੋਂ ਵੀ ਬੱਚਿਆਂ ਨੇ ਕੈਂਪਾਂ ਵਿੱਚ ਭਾਗ ਲਿਆ ਅਤੇ ਇਸ ਸਮੇਂ ਅਰੁਣਾਚਲ ਪ੍ਰਦੇਸ਼ ਵਿੱਚ ਵੀ ਗੁਰਮਤਿ ਕੈਂਪ ਚਲ ਰਿਹਾ ਹੈ ਕਿਉਂਕਿ ਉੱਥੇ ਗਰਮੀ ਦੀਆਂ ਛੁੱਟੀਆਂ ਦੇਰ ਨਾਲ ਹੁੰਦੀਆਂ ਹਨ।

ਸ. ਕਾਹਲੋਂ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਅਸੀਂ ਬੱਚਿਆਂ ਨੂੰ ਪਾਠ ਕਰਨਾ, ਕੀਰਤਨ ਕਰਨਾ, ਦਸਤਾਰ ਸਜਾਉਣਾ, ਗਤਕਾ ਚਲਾਉਣਾ ਸਹਿਤ ਗੁਰਸਿੱਖੀ ਜੀਵਨ ਨਾਲ ਸਬੰਧਿਤ ਹਰ ਚੀਜ਼ ਸਿਖਾਉਂਦੇ ਹਾਂ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੰਜਾਬੀ ਮਾ ਬੋਲੀ ਨਾਲ ਜੋੜਨ ਦੇ ਖ਼ਾਸ ਯਤਨ ਕੀਤੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਦਿੱਤੀਆਂ। ਇੱਕ ਭਗਤੀ ਦੀ ਅਤੇ ਇੱਕ ਸ਼ਕਤੀ ਦੀ। ਗੁਰੂ ਸਾਹਿਬਾਨਾਂ ਨੇ ਸਾਨੂੰ ਘੋੜਸਵਾਰੀ ਕਰਨਾ ਅਤੇ ਸ਼ਸਤਰ ਧਾਰਨ ਕਰਨਾ ਸਿਖਾਇਆ ਤਾਂ ਜੋ ਅਸੀਂ ਅਨਿਆਇ ਦੇ ਖ਼ਿਲਾਫ ਲੜ ਸਕੀਏ। ਉਨ੍ਹਾਂ ਕਿਹਾ ਕਿ ਦਿੱਲੀ ਦੇ ਤਖ਼ਤ ਤੋਂ ਹਮੇਸ਼ਾ ਦਬੰਗਈ, ਅਤਿਆਚਾਰ ਅਤੇ ਅਨਿਆਇ ਦੇ ਹੁਕਮ ਦਿੱਤੇ ਜਾਂਦੇ ਹਨ, ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਜਿੱਥੇ ਸਿਰਫ ਸੱਚਾਈ ਦੀ ਗੱਲ ਹੁੰਦੀ ਹੈ ਅਤੇ ਪੂਰਨ ਨਿਆਇ ਦਿੱਤਾ ਜਾਂਦਾ ਹੈ।

ਉਨ੍ਹਾਂ ਇਸ ਗੁਰਮਤਿ ਕੈਂਪ ਲਗਾਉਣ ਲਈ ਸ. ਹਰਿੰਦਰ ਸਿੰਘ ਵੋਹਰਾ, ਸ. ਗੁਰਪ੍ਰੀਤ ਸਿੰਘ ਟੂਟੇਜਾ, ਸਕੱਤਰ ਸਾਹਿਬ ਸਿੰਘ ਅਤੇ ਪੂਰੀ ਟੀਮ ਦਾ ਧੰਨਵਾਦ ਵੀ ਕੀਤਾ ਅਤੇ ਉਨ੍ਹਾਂ ਦੀ ਸਰਾਹਨਾ ਵੀ ਕੀਤੀ ਜਿਨ੍ਹਾਂ ਨੇ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਅਲੀਗੜ੍ਹ ਵਿੱਚ ਕੈਂਪ ਲਗਵਾਏ। ਸ. ਕਾਹਲੋਂ ਨੇ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ ਅਤੇ ਕਿਹਾ ਕਿ ਦੇਸ਼ ਅਤੇ ਦੁਨੀਆ ਵਿੱਚ ਇਸ ਤਰ੍ਹਾਂ ਦੇ ਕੈਂਪ ਲਗਾਉਣ ਬਹੁਤ ਜਰੂਰੀ ਹਨ ਤਾਂ ਜੋ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਵਿੱਚ ਗੁਰਸਿੱਖੀ ਜੀਵਨ ਨਾਲ ਜੋੜਿਆ ਜਾ ਸਕੇ। ਪ੍ਰਬੰਧਕਾਂ ਨੇ ਸ. ਕਾਹਲੋ ਨੂੰ ਭਰੋਸਾ ਦਿਵਾਇਆ ਕਿ ਅਗਲੀ ਵਾਰ ਇਸਤੋਂ ਕਈ ਵੱਧ ਗਿਣਤੀ ਵਿੱਚ ਬੱਚੇ ਕੈਂਪ ਦਾ ਹਿੱਸਾ ਬਣਨਗੇ।

No comments:

Post a Comment

Note: Only a member of this blog may post a comment.