Saturday, August 31, 2024

ਅਖੀਰ 40 ਸਾਲਾਂ ਬਾਅਦ ਨਿਆਂ ਮਿਲਿਆ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ


 ਦਿੱਲੀ ਗੁਰਦੁਆਰਾ ਕਮੇਟੀ ਨੇ 1984 ਦੇ ਸਿੱਖ ਕਤਲੇਆਮ ਕੇਸ ਵਿਚ ਜਗਦੀਸ਼ ਟਾਈਟਲਰ ਖਿਲਾਫ ਦੋਸ਼ ਤੈਅ ਕਰਨ ਦੇ ਅਦਾਲਤੀ ਫੈਸਲੇ ਦਾ ਕੀਤਾ ਸਵਾਗਤ


ਨਵੀਂ ਦਿੱਲੀ, 30 ਅਗਸਤ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਊਜ਼ ਅਵੈਨਿਊ ਕੋਰਟ ਵੱਲੋਂ 1984 ਦੇ ਸਿੱਖ ਕਤਲੇਆਮ ਕੇਸ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ ਕਤਲ ਤੇ ਹੋਰ ਧਾਰਵਾਂ ਤਹਿਤ ਦੋਸ਼ ਆਇਦ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਅਖੀਰ 40 ਸਾਲਾਂ ਬਾਅਦ ਸਿੱਖ ਕੌਮ ਨੂੰ ਮਿਲਿਆਂ ਮਿਲਿਆ ਹੈ। 
ਇਥੇ ਰਾਊਜ਼ ਅਵੈਨਿਊ ਕੋਰਟ ਵੱਲੋਂ ਸੁਣਾਏ ਫੈਸਲੇ ਮਗਰੋਂ ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ , ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਨੇ ਕਿਹਾ ਕਿ ਟਾਈਟਲਰ ਖਿਲਾਫ ਧਾਰਾ 143, 147, 153 ਏ, 188, 295, 436, 451, 380, 149, 302 ਅਤੇ 109 ਆਈ ਪੀ ਸੀ ਤਹਿਤ ਦੋਸ਼ ਆਇਦ ਕਰਨ ਦਾ ਫੈਸਲਾ ਅਦਾਲਤ ਨੇ ਸੁਣਾਇਆ ਹੈ। ਉਹਨਾਂ ਕਿਹਾ ਕਿ 40 ਸਾਲਾਂ ਬਾਅਦ ਸਾਡੀ ਕੌਮ ਦੀ ਆਵਾਜ਼ ਸੁਣੀ ਗਈ ਕਿਉਂਕਿ ਸਾਨੂੰ ਨਿਆਂ ਪਾਲਿਕਾ ’ਤੇ ਪੂਰਨ ਭਰੋਸਾ ਹੈ। ਉਹਨਾਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੀਆਂ ਸਮੇਂ ਦੀਆਂ ਸਰਕਾਰਾਂ ਨੇ ਵਾਰ-ਵਾਰ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਹਾਲਾਂਕਿ ਉਸਦੇ 1984 ਦੇ ਸਿੱਖ ਕਤਲੇਆਮ ਕੇਸਾਂ ਵਿਚ ਸ਼ਾਮਲ ਹੋਣ ਦੇ ਪੁਖ਼ਤਾ ਸਬੂਤ ਸਨ।
ਉਹਨਾਂ ਕਿਹਾ ਕਿ ਅੱਜ ਅਦਾਲਤ ਦਾ ਫੈਸਲਾ ਇਕ ਕੇਸ ਵਿਚ ਸਾਹਮਣੇ ਆਇਆ ਹੈ ਤੇ ਭਵਿੱਖ ਵਿਚ 1984 ਦੇ ਹੋਰ ਕੇਸਾਂ ਵਿਚ ਵੀ ਟਾਈਟਲਰ ਦੀ ਸ਼ਮੂਲੀਅਤ ਸਾਹਮਣੇ ਆ ਜਾਵੇਗੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਇਹ ਯਕੀਨੀ ਬਣਾਵੇਗੀ ਕਿ ਮਨੁੱਖਤਾ ਖਿਲਾਫ ਇਸ ਘਿਨੌਣੇ ਅਪਰਾਧ ਲਈ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ।
ਉਹਨਾਂ ਕਿਹਾ ਕਿ ਹੁਣ ਉਹ ਦਿਨ ਲੱਦ ਗਏ ਜਦੋ਼ ਕਾਂਗਰਸ ਦੇ ਹੁਕਮਾਂ ’ਤੇ ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਹੋਰ ਏਜੰਸੀਆਂ ਧਰਤੀ ’ਤੇ ਇਸ ਸਭ ਤੋਂ ਘਿਨੌਣੇ ਹੱਤਿਆਕਾਂਡ ਲਈ ਟਾਈਟਲਰ ਤੇ ਹੋਰ ਦੋਸ਼ੀਆਂ ਨੂੰ ਵਾਰ-ਵਾਰ ਕਲੀਨ ਚਿੱਟ ਦਿੰਦੀਆਂ ਸਨ।
ਉਹਨਾਂ ਕਿਹਾ ਕਿ 2014 ਵਿਚ ਸ੍ਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਕੇਂਦਰ ਸਰਕਾਰ ਨੇ ਉਹਨਾਂ ਸਾਰੇ ਕੇਸਾਂ ਦੀ ਨਵੇਂ ਸਿਰੇ ਤੋਂ ਜਾਂਚ ਦੇ ਹੁਕਮ ਦਿੱਤੇ ਜਿਹੜੇ ਬੰਦ ਕਰ ਦਿੱਤੇ ਗਏ ਸਨ ਤੇ ਵਿਸ਼ੇਸ਼ ਐਸ ਆਈ ਟੀ ਗਠਿਤ ਕੀਤੀ ਗਈ ਅਤੇ ਹੁਣ ਨਤੀਜੇ ਲੋਕਾਂ ਸਾਹਮਣੇ ਹਨ।

No comments:

Post a Comment

Note: Only a member of this blog may post a comment.