Friday, September 6, 2024

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਵੱਡਾ ਹੁਲਾਰਾ, ਵੱਡੀ ਗਿਣਤੀ ’ਚ ਨੌਜਵਾਨ ਪਾਰਟੀ ’ਚ ਹੋਏ ਸ਼ਾਮਲ

 


ਸੰਗਤਾਂ ਦੀ ਸੇਵਾ ਹੀ ਸਾਡੀ ਪਾਰਟੀ ਦਾ ਮੁੱਖ ਟੀਚਾ: ਹਰਮੀਤ ਸਿੰਘ ਕਾਲਕਾ


ਨਵੀਂ ਦਿੱਲੀ, 5 ਸਤੰਬਰ: ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਕਿ ਜਮਨਾਪਾਰ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪਾਰਟੀ ਦੇ ਮੁਖੀ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਹਾਜ਼ਰੀ ਵਿਚ ਪਾਰਟੀ ਵਿਚ ਸ਼ਾਮਲ ਹੋ ਗਏ।
ਦਿੱਲੀ ਕਮੇਟੀ ਮੈਂਬਰ ਸਰਦਾਰ ਮਨਜੀਤ ਸਿੰਘ ਔਲਖ ਦੇ ਯਤਨਾਂ ਨਾਲ ਪਾਰਟੀ ਵਿਚ ਸ਼ਾਮਲ ਹੋਏ ਇਹਨਾਂ ਨੌਜਵਾਨਾਂ ਨੂੰ ਪਾਰਟੀ ਵਿਚ ਆਉਣ ’ਤੇ ਜੀ ਆਇਆਂ ਕਹਿੰਦਿਆਂ ਸਰਦਾਰ ਕਾਲਕਾ ਨੇ ਕਿਹਾ ਕਿ ਸੰਗਤਾਂ ਦੀ ਸੇਵਾ ਕਰਨਾ ਹੀ ਸਾਡੀ ਪਾਰਟੀ ਦਾ ਮੁੱਖ ਮਨੋਰਥ ਹੈ ਜਿਸ ਵਾਸਤੇ ਅਸੀਂ ਪਾਰਟੀ ਦਾ ਸਰੂਪ ਸਿਰਫ ਧਾਰਮਿਕ ਰੱਖਿਆ ਹੈ ਤੇ ਇਸਦਾ ਕੋਈ ਰਾਜਸੀ ਮਨੋਰਥ ਨਹੀਂ ਹੈ। ਉਹਨਾਂ ਕਿਹਾ ਕਿ ਗੁਰੂ ਘਰਾਂ ਦੀ ਸੇਵਾ ਦੇ ਨਾਲ-ਨਾਲ ਅਸੀਂ ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਵੀ ਸੰਗਤਾਂ ਦੀ ਵੱਡੀ ਸੇਵਾ ਕਰ ਰਹੇ ਹਾਂ ਤੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਐਮ ਆਰ ਆਈ ਸੈਂਟਰ ਤੋਂ ਲੈ ਕੇ ਬਾਲਾ ਸਾਹਿਬ ਹਸਪਤਾਲ ਵਿਚ ਮੁਫਤ ਡਾਇਲਸਿਸ ਸੇਵਾ ਵਰਗੀਆਂ ਸਹੂਲਤਾਂ ਸੰਗਤਾਂ ਵਾਸਤੇ ਦਿੱਤੀਆਂ ਜਾ ਰਹੀਆਂ ਹਨ ਜਿਸਦਾ ਸੰਗਤਾਂ ਨੇ ਵੱਡਾ ਲਾਭ ਲਿਆ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਪੁਰਾਣਾ ਇਤਿਹਾਸ ਹੈ ਤੇ ਇਹ 100 ਸਾਲ ਤੋਂ ਜ਼ਿਆਦਾ ਪੁਰਾਣੀ ਪਾਰਟੀ ਹੈ ਜਿਸਨੇ ਹਮੇਸ਼ਾ ਪੰਥ ਦੀ ਚੜ੍ਹਦੀਕਲਾ ਵਾਸਤੇ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਇਸਦੇ ਨਾਂ ਨਾਲ ਦਿੱਲੀ ਸਟੇਟ ਇਸ ਕਰ ਕੇ ਜੋੜਿਆ ਹੈ ਕਿਉਂਕਿ ਇਹ ਪਾਰਟੀ ਹੁਣ ਦਿੱਲੀ ਤੋਂ ਚਲਾਈ ਜਾ ਰਹੀ ਹੈ ਕਿਉਂਕਿ ਮੌਜੂਦਾ ਸਮੇਂ ਦੇ ਮੁੱਖ ਪ੍ਰਬੰਧਕ ਆਪਣੇ ਟੀਚੇ ਤੋਂ ਥਿੜਕ ਗਏ ਹਨ।
ਸਰਦਾਰ ਕਾਲਕਾ ਨੇ ਕਿਹਾ ਕਿ ਸਾਡਾ ਟੀਚਾ ਸਿਰਫ ਤੇ ਸਿਰਫ ਸੰਗਤ ਦੀ ਸੇਵਾ ਕਰਨਾ ਹੈ। ਇਸ ਟੀਚੇ ਦੀ ਪ੍ਰਾਪਤੀ ਵਾਸਤੇ ਅਸੀਂ ਦਿਨ ਰਾਤ ਇਕ ਕਰਦੇ ਹਾਂ ਤੇ ਸੰਗਤਾਂ ਦਾ ਇਸ ਕੰਮ ਵਿਚ ਸਾਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ ਜਿਸਦੇ ਵਾਸਤੇ ਅਸੀਂ ਹਮੇਸ਼ਾ ਸੰਗਤਾਂ ਦੇ ਰਿਣੀ ਰਹਾਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਦਿੱਲੀ ਇਕਾਈ ਦੇ ਪ੍ਰਧਾਨ ਐਮ ਪੀ ਐਸ ਚੱਢਾ, ਦਿੱਲੀ ਕਮੇਟੀ ਮੈਬਰ ਭੁਪਿੰਦਰ ਸਿੰਘ ਭੁੱਲਰ, ਪਰਵਿੰਦਰ ਸਿੰਘ ਲੱਕੀ, ਸੁਖਬੀਰ ਸਿੰਘ ਕਾਲੜਾ, ਅਮਰਜੀਤ ਸਿੰਘ ਪਿੰਕੀ ਵੀ ਮੌਜੂਦ ਰਹੇ।

No comments:

Post a Comment

Note: Only a member of this blog may post a comment.