Tuesday, September 24, 2024

ਮਾਮਲਾ ਗੁਰੂ ਤੇਗ ਬਹਾਦਰ ਖਾਲਸਾ ਕਾਲਜ ’ਚ ਦਸਤਾਰਧਾਰੀ ਵਿਦਿਆਰਥੀ ਦੀ ਕੁੱਟਮਾਰ ਦਾ

 ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ’ਚ ਵਫਦ ਵੱਲੋਂ


ਡੀ ਸੀ ਪੀ ਉੱਤਰੀ ਸੁਧਾਂਸ਼ੂ ਵਰਮਾ ਨਾਲ ਮੁਲਾਕਾਤ

ਮਾਮਲੇ ’ਚ ਐਫ ਆਈ ਆਰ ਦਰਜ, ਸਾਰੇ ਦੋਸ਼ੀ ਜਲਦੀ ਫੜੇ ਜਾਣਗੇ: ਕਾਲਕਾ, ਕਾਹਲੋਂ

ਨਵੀਂ ਦਿੱਲੀ, 23 ਸਤੰਬਰ: ਦਿੱਲੀ ਦੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਚ ਇਕ ਦਸਤਾਰਧਾਰੀ ਨੌਜਵਾਨ ਨਾਲ ਕੁੱਟਮਾਰ ਕੀਤੇ ਜਾਣ ਦੇ ਮਾਮਲੇ ਵਿਚ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਵਫਦ ਜਿਸ ਵਿਚ ਕਾਲਜ ਦੇ ਖਜਾਨਚੀ ਇੰਦਰਪ੍ਰੀਤ ਸਿੰਘ ਕੋਛੜ ਤੇ ਹੋਰਨਾਂ ਵੱਲੋਂ ਡੀ ਸੀ ਪੀ ਉੱਤਰੀ ਸ੍ਰੀ ਸੁਧਾਂਸ਼ੂ ਵਰਮਾ ਨਾਲ ਮੁਲਾਕਾਤ ਕੀਤੀ ਗਈ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।
ਮੀਟਿੰਗ ਮਗਰੋਂ ਜਾਣਕਾਰੀ ਦਿੰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਬੀਤੀ ਰਾਤ ਐਫ ਆਈ ਆਰ ਦਰਜ ਹੋ ਗਈ ਹੈ ਜੋ ਧਾਰਾ 299 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ), 115, 391 ਅਤੇ 35 (ਭੀੜ ਦੇ ਰੂਪ ਵਿਚ ਆ ਕੇ ਭੰਨ ਤੋੜ ਕਰਨੀ) ਤਹਿਤ ਦਰਜ ਹੋਈ ਹੈ। ਉਹਨਾਂ ਦੱਸਿਆ ਕਿ ਡੀ ਸੀ ਪੀ ਨੇ ਭਰੋਸਾ ਦੁਆਇਆ ਹੈ ਕਿ ਇਸ ਵਿਚ ਧਾਰਾ 74 ਅਤੇ 75 ਹੋਰ ਜੋੜੀ ਜਾਣੀ ਹੈ। ਉਹਨਾਂ ਦੱਸਿਆ ਕਿ ਸਚਿਨ ਤੋਮਰ ਨਾਂ ਦੇ ਮੁਲਜ਼ਮ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਜੋ ਫਰਾਰ ਚਲ ਰਿਹਾ ਹੈ ਤੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਚਲ ਰਹੀ ਹੈ।
ਉਹਨਾਂ ਦੱਸਿਆ ਕਿ ਸਚਿਨ ਤੋਮਰ ਦੀ ਗ੍ਰਿਫਤਾਰੀ ਤੋਂ ਬਾਅਦ ਉਸਦੇ ਸਾਥੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਜਿਹਨਾਂ ਨੇ ਕਾਲਜ ਵਿਚ ਆ ਕੇ ਦਸਤਾਰਧਾਰੀ ਨੌਜਵਾਨ ਦਾ ਨਾਮਜ਼ਦਗੀ ਪੱਤਰ ਫਾੜਿਆ ਤੇ ਉਸ ਨਾਲ ਕੁੱਟਮਾਰ ਕੀਤੀ। ਉਹਨਾਂ ਦੱਸਿਆ ਕਿ ਮਾਮਲੇ ਵਿਚ ਕਾਲਜ ਦੇ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਤੋਂ ਮਿਲੀਆਂ ਸ਼ਿਕਾਇਤਾਂ ਦੇ ਨਾਲ ਆਪਣੇ ਵੱਲੋਂ ਸ਼ਿਕਾਇਤ ਲਗਾ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਜਿਸ ਮਗਰੋਂ ਐਫ ਆਈ ਆਰ ਦਰਜ ਹੋਈ ਹੈ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਾਲਜ ਵਿਚ ਚੋਣਾਂ ਦੇ ਨਾਂ ’ਤੇ ਕੁਝ ਲੋਕ ਬੇਹੱਦ ਘਟੀਆ ਰਾਜਨੀਤੀ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਐਸ ਓ ਆਈ ਦੇ ਆਗੂਆਂ ਵੱਲੋਂ ਆ ਕੇ ਧਮਕੀਆਂ ਵੀ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਜਿਹਨਾਂ ਨੇ ਪਹਿਲਾਂ ਸਕੂਲਾਂ ਦਾ ਨਾਸ ਮਾਰਿਆ, ਹੁਣ ਉਹ ਕਾਲਜਾਂ ਨੂੰ ਖਤਮ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਸੀਂ ਕਦੇ ਵੀ ਵਿਦਿਆਰਥੀ ਚੋਣਾਂ ਦੇ ਹੱਕ ਵਿਚ ਨਹੀਂ ਸੀ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਵਿਦਿਆਰਥੀਆਂ ਵਿਚ ਆਪਸੀ ਕੁੜਤਣ ਪੈਦਾ ਹੋਵੇ। ਉਹਨਾਂ ਕਿਹਾ ਕਿ ਹੁਣ ਵੀ ਕੁਝ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ ਮਾਮਲੇ ਨੂੰ ਲੈ ਕੇ ਝੂਠੇ ਤੇ ਬੇਬੁਨਿਆਦ ਬਿਆਨ ਦੇ ਰਹੇ ਹਨ ਤੇ ਘਟੀਆ ਰਾਜਨੀਤੀ ਕਰ ਰਹੇ ਹਨ ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।
ਉਹਨਾਂ ਇਹ ਵੀ ਭਰੋਸਾ ਦੁਆਇਆ ਕਿ ਇਸ ਮਾਮਲੇ ਵਿਚ ਕਾਲਜ ਦੇ ਆਪਣੇ ਜੋ ਵੀ ਵਿਦਿਆਰਥੀ ਦੋਸ਼ੀ ਪਾਏ ਜਾਣਗੇ, ਨਿਯਮਾਂ ਮੁਤਾਬਕ ਉਹਨਾਂ ਖਿਲਾਫ ਠੋਸ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨਾਲ ਕੋਈ ਲਿਹਾਜ ਨਹੀਂ ਕੀਤਾ ਜਾਵੇਗਾ।

No comments:

Post a Comment

Note: Only a member of this blog may post a comment.